ਸੂਲੀ ਚੜ੍ਹ ਮਨਸੂਰ ਪੁਕਾਰੇ.......... ਗ਼ਜ਼ਲ / ਗਿਆਨੀ ਸੋਹਣ ਸਿੰਘ ਸੀਤਲ

ਸੂਲੀ ਚੜ੍ਹ ਮਨਸੂਰ ਪੁਕਾਰੇ ਇਓਂ ਦਿਲਦਾਰ ਮਨਾਈਦਾ
ਖੱਲ ਲੁਹਾ ਤਬਰੇਜ਼ ਕਹੇ ਇਓਂ ਗਲੀ ਸਜਣ ਦੀ ਜਾਈਦਾ।

ਆਰੇ ਦੇ ਨਾਲ ਚੀਰ ਜ਼ਕਰੀਆ ਜਦ ਦੋ-ਫਾੜੇ ਕੀਤੋ ਨੇ
ਹਰ ਹਿੱਸੇ ਚੋਂ ਇਹ ਸਦ ਆਵੇ ਮਰਕੇ ਪਿਆਰਾ ਪਾਈਦਾ।

ਕੰਨ ਪੜਵਾਏ ਮੁੰਦਰਾਂ ਪਾਈਆਂ ਛੱਡਕੇ ਤਖਤ ਹਜਾਰੇ ਨੂੰ
ਯਾਰ ਪਿਛੇ ਦੁਸ਼ਮਣ ਦੇ ਬੂਹੇ ਮੁੜ ਮੁੜ ਅਲਖ ਜਗਾਈਦਾ।

ਵਹਿੰਦੀਆਂ ਨਹਿਰਾਂ ਸੁਕੀਆਂ 'ਸੀਤਲ' ਸੁਣਕੇ ਮੌਤ ਪਿਆਰੇ ਦੀ
ਤੇਸਾ ਮਾਰ ਲੁਹਾਰ ਪੁਕਾਰੇ ਇਓਂ ਕਰ ਇਸ਼ਕ ਨਿਭਾਈਦਾ।

ਪੱਟ ਦਾ ਮਾਸ ਖੁਆਕੇ ਆਸ਼ਕ ਦੱਸਿਆ 'ਹੱਦ ਇਸ਼ਕ ਦੀ ਇਹ'
ਕੱਚੇ ਘੜੇ ਤੇ ਨੈਂ ਵਿਚ ਡੁਬ ਕੇ ਹੱਦੋਂ ਵੀ ਟਪ ਜਾਈਦਾ।

****